• Shari Darbar Sahib Amritsar Vikhe Selfi Hoyi Banned



    ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਧਾਰਮਿਕ ਭਾਵਨਾਵਾਂ ਦੇ ਮੱਦੇਨਜ਼ਰ ਹੀ ਲਗਾਈ ਫੋਟੋਗ੍ਰਾਫੀ ’ਤੇ ਰੋਕ-ਡਾ. ਰੂਪ ਸਿੰਘ

    ਮੀਡੀਆ ਕਵਰੇਜ਼ ਲਈ ਨਿਰਧਾਰਤ ਕੀਤੇ ਵਿਸ਼ੇਸ਼ ਸਥਾਨ

    ਅੰਮ੍ਰਿਤਸਰ, 8 ਜਨਵਰੀ-
    ਮਨੁੱਖਤਾ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ਵਿਚ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ’ਤੇ ਪਾਬੰਦੀ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਦੇ ਮੱਦੇਨਜ਼ਰ ਹੀ ਲਗਾਈ ਗਈ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਕੀਤਾ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਸਪੱਸ਼ਟ ਕੀਤਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੇ ਵਿਸ਼ਵ ਦੀ ਸੰਗਤ ਲਈ ਅਧਿਆਤਮਕ ਸੋਮਾ ਹੋਣ ਦੇ ਨਾਲ-ਨਾਲ ਸਿੱਖਾਂ ਲਈ ਧਾਰਮਿਕ ਕੇਂਦਰੀ ਅਸਥਾਨ ਹੈ ਅਤੇ ਇਥੇ ਸ਼ਰਧਾ ਨਾਲ ਪੁੱਜਣ ਵਾਲੇ ਸ਼ਰਧਾਲੂਆਂ ਵੱਲੋਂ ਫੋਟੋਗ੍ਰਾਫੀ ਬੰਦ ਕਰਨ ਸਬੰਧੀ ਬਾਰ-ਬਾਰ ਪਹੁੰਚ ਕੀਤੀ ਜਾ ਰਹੀ ਸੀ। ਉਨ੍ਹਾਂ ਆਖਿਆ ਕਿ ਇਸ ਅਸਥਾਨ ਦੀ ਪਵਿੱਤਰਤਾ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਦੇ ਫੈਸਲੇ ਨੂੰ ਦੇਖਿਆ ਜਾਣਾ ਚਾਹੀਦਾ ਹੈ।


    ਉਨ੍ਹਾਂ ਕਿਹਾ ਕਿ ਇਹ ਸੈਰ-ਸਪਾਟੇ ਦੀ ਜਗ੍ਹਾ ਨਹੀਂ ਹੈ ਅਤੇ ਇਥੇ ਅਧਿਆਤਮਕ ਤ੍ਰਿਪਤੀ ਪ੍ਰਾਪਤ ਕਰਨ ਪੁੱਜਦੀਆਂ ਸੰਗਤਾਂ ਦੇ ਨਾਲ-ਨਾਲ ਆਪਣੇ ਦੁੱਖਾਂ ਦੀ ਨਵਿਰਤੀ ਲਈ ਅਰਦਾਸ ਕਰਨ ਵੀ ਸੰਗਤ ਪੁੱਜਦੀ ਹੈ। ਇਸੇ ਲਈ ਫੋਟੋਗ੍ਰਾਫੀ ਤੇ ਵੀਡੀਉਗ੍ਰਾਫੀ ’ਤੇ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕੋਈ ਸ਼ਰਧਾ ਤੇ ਸਤਿਕਾਰ ਸਹਿਤ ਯਾਦਗਾਰੀ ਫੋਟੋ ਖਿਚਵਾਉਣੀ ਚਾਹੁੰਦਾ ਹੈ ਤਾਂ ਇਸ ਸਬੰਧ ਵਿਚ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰ ਉਸ ਦੀ ਮੱਦਦ ਕਰਨਗੇ। ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਮੀਡੀਆ ਕਰਮੀਆਂ ਵੱਲੋਂ ਕਿਸੇ ਵਿਸ਼ੇਸ਼ ਸ਼ਖ਼ਸੀਅਤ ਦੀ ਪ੍ਰੈੱਸ ਕਰਵੇਜ਼ ਲਈ ਖਿੱਚੀ ਜਾਣ ਵਾਲੀ ਤਸਵੀਰ ਬਾਰੇ ਕਿਹਾ ਕਿ ਇਸ ਲਈ ਪਰਕਰਮਾਂ ਵਿਚ ਵਿਸ਼ੇਸ਼ ਸਥਾਨ ਨਿਰਧਾਰਤ ਕੀਤੇ ਗਏ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਦੇਖਦੇ ਹੋਏ ਪਰਕਰਮਾਂ ਅੰਦਰ ਮਨਮਰਜ਼ੀ ਨਾਲ ਤਸਵੀਰਾਂ ਨਾ ਖਿੱਚੀਆਂ ਜਾਣ।


    No comments: