ਕਾਬੁਲ ਦੇ ਗੁਰਦੁਆਰਾ ਸਾਹਿਬ ’ਤੇ ਹਮਲੇ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਵਲੋਂ ਨਿਖੇਧੀ
ਭਾਰਤ ਸਰਕਾਰ ਕੋਲੋਂ ਅਫਗਾਨਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ
ਅੰਮ੍ਰਿਤਸਰ, 25 ਮਾਰਚ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਫ਼ਗਾਨਿਸਤਾਨ ਵਿਚ ਕਾਬੁਲ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੇ ਗਏ ਅੱਤਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਮਨੁੱਖਤਾ ਵਿਰੁੱਧ ਵਹਿਸ਼ੀ ਕਾਰਾ ਕਿਹਾ ਹੈ। ਉਨ੍ਹਾਂ ਭਾਰਤ ਸਰਕਾਰ ਕੋਲੋਂ ਵੀ ਮੰਗ ਕੀਤੀ ਹੈ ਕਿ ਉਹ ਅਫ਼ਗਾਨਿਸਤਾਨ ਦੀ ਸਰਕਾਰ ਨਾਲ ਗੱਲਬਾਤ ਕਰਕੇ ਉਥੋਂ ਦੇ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਵਾਏ।
ਭਾਈ ਲੌਂਗੋਵਾਲ ਨੇ ਜਾਰੀ ਬਿਆਨ ’ਚ ਕਿਹਾ ਕਿ ਸਿੱਖ ਧਰਮ ਸਾਰੀ ਮਨੁੱਖਤਾ ਦਾ ਭਲਾ ਮੰਗਣ ਵਾਲਾ ਧਰਮ ਹੈ। ਉਨ੍ਹਾਂ ਕਿਹਾ ਕਿ ਸਿੱਖ ਦੁਨੀਆ ਦੇ ਜਿਸ ਵੀ ਖਿੱਤੇ ਅਤੇ ਦੇਸ਼ ’ਚ ਵੱਸੇ ਹਨ, ਉਨ੍ਹਾਂ ਆਪਣਾ ਖੂਨ ਪਸੀਨਾ ਵਹਾ ਕੇ ਉਥੋਂ ਦੀ ਤਰੱਕੀ ’ਚ ਅਹਿਮ ਹਿੱਸਾ ਪਾਇJਆ ਅਤੇ ਸਮਾਜਿਕ ਭਾਈਚਾਰੇ ’ਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਧਰਮ ਦੇ ਧਾਰਮਿਕ ਅਸਥਾਨ ’ਤੇ ਅੱਤਵਾਦੀ ਹਮਲਾ ਅਣਮਨੁੱਖੀ ਅਤੇ ਵਹਿਸ਼ੀਪੁਣੇ ਦੀ ਸਿਖ਼ਰ ਕਿਹਾ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜਿਸ ਧਰਮ ਦੇ ਅਸਥਾਨ ਤੋਂ ਹਮੇਸ਼ਾ ਸਰਬੱਤ ਦੇ ਭਲੇ, ਮਨੁੱਖੀ ਬਰਾਬਰਤਾ ਅਤੇ ਏਕਤਾ ਦਾ ਸੁਨੇਹਾ ਮਿਲਦਾ ਹੋਵੇ, ਉਸ ਨੂੰ ’ਤੇ ਅੱਤਵਾਦੀ ਹਮਲਾ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਫ਼ਗਾਨਿਸਤਾਨ ’ਚ ਸਿੱਖ ਆਗੂਆਂ ਦੇ ਸਮੂਹ ਨੂੰ ਨਿਸ਼ਾਨਾ ਬਣਾ ਕੇ ਉਥੋਂ ਦੇ ਸਿੱਖ ਭਾਈਚਾਰੇ ਦੇ ਕਈ ਸਿਰਕੱਢ ਆਗੂ ਮਾਰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਅਸੁਰੱਖਿਅਤ ਹੋਣ ਕਾਰਨ ਅੱਜ ਅਫ਼ਗਾਨਿਸਤਾਨ ’ਚੋਂ ਹਜ਼ਾਰਾਂ ਦੀ ਗਿਣਤੀ ਸਿੱਖ ਹਿਜ਼ਰਤ ਕਰ ਚੁੱਕੇ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੁਨੀਆ ਭਰ ਦੇ ਦੇਸ਼ਾਂ ’ਚ ਸਿੱਖਾਂ ਦੀ ਜਾਨ-ਮਾਲ ਦੀ ਸੁਰੱਖਿਆ ਲਾਜ਼ਮੀ ਬਣਾਉਣ ਲਈ ਸਰਕਾਰਾਂ ਨਾਲ ਗੱਲਬਾਤ ਕਰੇ। ਕੇਂਦਰ ਸਰਕਾਰ ਵੱਲੋਂ ਅਫ਼ਗਾਨਿਸਤਾਨ ਵਿਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਤਰਜੀਹੀ ਤੌਰ ’ਤੇ ਢੁੱਕਵੇਂ ਕਦਮ ਚੁੱਕੇ ਜਾਣ।
No comments:
Post a Comment